Sunday, 10 November 2013

ਏਡਿਡ ਸਕੂਲ ਅਧਿਆਪਕ ਯੂਨੀਅਨ ਵਲੋਂ 18 ਨੂੰ ਪੰਜਾਬ ਦੇ ਸਮੂਹ ਜਿਲਾ ਖਜ਼ਾਨਾ ਦਫਤਰਾਂ ਦੇ ਘਿਰਾਓ ਦਾ ਐਲਾਨ ਸਰਕਾਰ ਏਡਿਡ ਸਕੂਲਾਂ ਦੇ ਸਟਾਫ ਦਾ ਸਰਕਾਰੀ ਸਕੂਲਾਂ 'ਚ ਰਲੇਵਾਂ ਤਰੁੰਤ ਕਰੇ : ਚਾਹਲ

ਅੰਮ੍ਰਿਤਸਰ, 10 ਨਵੰਬਰ:
ਪੰਜਾਬ ਦੇ ਸਰਕਾਰੀ ਸਹਾਇਤ ਪ੍ਰਾਪਤ (ਏਡਿਡ) ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਵਲੋਂ 18 ਨਵੰਬਰ ਨੂੰ ਪੰਜਾਬ ਦੇ ਸਮੂਹ ਜਿਲਾ ਖਜ਼ਾਨਾ ਦਫਤਰਾਂ ਦੇ ਘਿਰਾਓ ਕਰਨ ਦਾ ਐਲਾਨ ਕੀਤਾ ਹੈ।ਇਸ ਸਬੰਧ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਸ.ਗੁਰਚਰਨ ਸਿੰਘ ਚਾਹਲ ਅਤੇ ਸੂਬਾ ਸਕੱਤਰ ਐਨ.ਐਨ.ਸੈਣੀ ਨੇ ਦੱਸਿਆ ਕਿ ਪੰਜਾਬ ਦੇ ਹਜ਼ਾਰਾਂ ਏਡਿਡ ਸਕੂਲਾਂ ਦੇ ਅਧਿਆਪਕਾਂ ਦੇ ਨਵੇਂ ਸਕੇਲਾਂ ਦੇ ਬਕਾਏ ਦੀ ਦੂਜੀ ਕਿਸ਼ਤ ਦੇ ਬਿੱਲ ਖਜ਼ਾਨਾ ਦਫਤਰਾਂ ਵਿਚ ਪਿਛਲੇ ਤਿੰਨ ਮਹੀਨਿਆਂ ਤੋਂ ਰੁਲ ਰਹੇ ਹਨ।ਉਹਨਾਂ ਕਿਹਾ ਕਿ ਅਗਰ ਖਜ਼ਾਨਾ ਅਧਿਕਾਰੀਆਂ ਨੇ 15 ਨਵੰਬਰ ਦਿਨ ਸ਼ੁਕਰਵਾਰ ਤੱਕ ਉਹਨਾਂ ਦੇ ਬਕਾਏ ਦੀ ਦੂਜੀ ਕਿਸ਼ਤ ਅਤੇ ਜੁਲਾਈ ਤੋਂ ਡੱਕੇ ਐਡਜਸਟਮੈਂਟਾਂ ਦੇ ਬਿੱਲ ਪਾਸ ਨਾ ਕੀਤੇ ਤਾਂ ਪੰਜਾਬ ਦੇ ਸਮੂਹ ਜਿਲਾ ਖਜ਼ਾਨਾ ਦਫਤਰਾਂ ਦਾ 18 ਨਵੰਬਰ ਸੋਮਵਾਰ ਨੂੰ ਘਿਰਾਓ ਕੀਤਾ ਜਾਵੇਗਾ।ਸ.ਚਾਹਲ ਨੇ ਕਿਹਾ ਕਿ ਪੰਜਾਬ ਸਰਕਾਰ ਏਡਿਡ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ।ਜਾਰੀ ਪ੍ਰੈਸ ਬਿਆਨ ਵਿਚ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਹਰਦੀਪ ਸਿੰਘ ਢੀਂਡਸਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਾ ਤਾਂ ਏਡਿਡ ਸਕੂਲਾਂ ਵਿਚ ਪੜਦੀਆਂ ਗਰੀਬ ਲੜਕੀਆਂ ਨੂੰ ਮਾਈ ਭਾਗੋ ਸਕੀਮ ਤਹਿਤ ਸਾਈਕਲ ਦਿੱਤੇ ਹਨ ਅਤੇ ਨਾ ਹੀ 80 ਫੀਸਦੀ ਤੋਂ ਅਧਿਕ ਅੰਕਾਂ ਵਾਲੇ ਵਿਦਿਆਰਥੀਆਂ ਨੂੰ ਡਾ.ਹਰਗੋਬਿੰਦ ਖੁਰਾਣਾ ਵਜੀਫਾ ਸਕੀਮ ਵਿਚ ਸ਼ਾਮਿਲ ਕੀਤਾ ਹੈ ਜਿਸ ਕਰਕੇ ਪੰਜਾਬ ਦੇ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।ਸੂਬਾ ਸਕੱਤਰ ਸ੍ਰੀ ਸੈਣੀ ਨੇ ਦੱਸਿਆ ਕਿ 12 ਅਕਤੂਬਰ ਨੂੰ ਸਿੱਖਿਆ ਮੰਤਰੀ ਸ.ਮਲੂਕਾ ਨਾਲ ਹੋਈ ਮੀਟਿੰਗ ਦੀ ਕਾਰਵਾਈ ਦੀ ਕਾਪੀ ਹਾਲੇ ਤੱਕ ਵੀ ਵਿਭਾਗ ਦੇ ਅਧਿਕਾਰੀਆਂ ਨੇ ਯੂਨੀਅਨ ਨੂੰ ਨਹੀ ਸੌਂਪੀ ਹੈ।ਉਹਨਾਂ ਕਿਹਾ ਕਿ ਏਡਿਡ ਸਕੂਲਾਂ ਦੇ ਦਰਜਾ ਚਾਰ ਅਤੇ ਲੈਬ ਅਟੈਂਡੈਂਟ ਦੇ ਸੋਧੇ ਹੋਏ ਗ੍ਰੇਡ ਪੇ ਦੀ ਚਿੱਠੀ ਵੀ ਹੁਣ ਤੱਕ ਜਾਰੀ ਨਹੀ ਕੀਤੀ ਹੈ।ਯੂਨੀਅਨ ਆਗੂਆਂ ਨੇ ਕਿਹਾ ਕਿ ਯੂਨੀਅਨ ਏਡਿਡ ਸਕੂਲਾਂ ਦੇ ਸਟਾਫ ਨੂੰ ਸਰਕਾਰੀ ਸਕੂਲਾਂ ਵਿਚ ਮਰਜ ਕਰਨ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਪਰੰਤੂ ਸਿੱਖਿਆ ਮੰਤਰੀ ਹਰ ਰੋਜ਼ ਇਸ ਸਬੰਧੀ ਨਵੇਂ ਨਵੇਂ ਬਿਆਨ ਦੇ ਕੇ ਸੰਘਰਸ਼ ਨੂੰ ਤਾਰਪੀਡੋ ਕਰ ਰਹੇ ਹਨ ਜਿਸ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ।ਉਹਨਾਂ ਕਿ ਕਿ ਸਰਕਾਰ ਨੇ ਸਤੰਬਰ ਤੋਂ ਬਾਅਦ ਤਨਖਾਹਾਂ ਦਾ ਬੱਜਟ ਵੀ ਹਾਲੇ ਤੱਕ ਜਾਰੀ ਨਹੀ ਕੀਤਾ ਹੈ।ਯੂਨੀਅਨ ਆਗੂਆਂ ਨੇ ਕਿਹਾ ਕਿ ਖਜ਼ਾਨਾ ਦਫਤਰਾਂ ਦੇ ਘਿਰਾਓ ਤੋਂ ਬਾਅਦ ਅਗਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸਰਕਾਰ ਖਿਲਾਫ ਵੱਡਾ ਸੰਘਰਸ਼ ਆਰੰਭ ਕੀਤਾ ਜਾਵੇਗਾ।ਇਸ ਮੌਕੇ ਉਹਨਾਂ ਨਾਲ ਸ੍ਰੀ ਅਰਵਿੰਦ ਬੈਂਸ ਪ੍ਰਧਾਨ ਜਲੰਧਰ, ਅਨਿਲ ਭਾਰਤੀ ਪਟਿਆਲਾ, ਅੰਮ੍ਰਿਤਪਾਲ ਸੰਗਰੂਰ, ਰਾਜ ਕੁਮਾਰ ਮਿਸ਼ਰਾ ਪ੍ਰਧਾਨ ਅੰਮ੍ਰਿਤਸਰ, ਸ਼ਰਨਜੀਤ ਸਿੰਘ ਪ੍ਰਧਾਨ ਮੁਹਾਲੀ, ਸ਼ਵਿੰਦਰਜੀਤ ਕੌਰ ਪ੍ਰਧਾਨ ਲੁਧਿਆਣਾ, ਗੁਰਮੀਤ ਸਿੰਘ ਲਿਧਆਣਾ, ਸ਼ਵਿੰਦਰ ਮਛਰਾਲ ਫਿਰੋਜਪੁਰ, ਅਮਰਜੀਤ ਸਿੰਘ ਭੁੱਲਰ ਰੋਪੜ, ਰਣਜੀਤ ਸਿੰਘ ਅਨੰਦਪੁਰ ਸਾਹਿਬ,ਡਾ.ਗੁਰਮੀਤ ਸਿੰਘ, ਕੁਲਵਰਨ ਸਿੰਘ ਖਜਾਨਚੀ,ਅਜੇ ਚੌਹਾਨ ਅੰਮ੍ਰਿਤਸਰ,ਨਰਿੰਦਰ ਢਿੱਲੋਂ ਤਰਨਤਾਰਨ, ਤਰਸੇਮ ਸਿੰਘ ਹੁਸ਼ਿਆਰਪੁਰ ,ਮੁਨੀਸ਼ ਅਗਰਵਾਲ, ਯਾਦਵਿੰਦਰ ਕੁਮਾਰ ਕੁਰਾਲੀ, ਗਣੇਸ਼ ਦੱਤ ਸ਼ਰਮਾਂ ,ਜਗਮੋਹਨ ਪਟਿਆਲਾ, ਪੂਰਨ ਸਿੰਘ ਮੋਗਾ , ਕਰਮਜੀਤ ਸਿੰਘ ਮਾਨਸਾ ਅਤੇ ਦਲਜੀਤ ਸਿੰਘ ਖਰੜ ਆਦਿ ਆਗੂ ਵੀ ਹਾਜ਼ਰ ਸਨ।

No comments:

Post a Comment