Thursday, 7 November 2013

ਉਪ ਮੁੱਖ ਮੰਤਰੀ 11 ਨਵੰਬਰ ਨੂੰ ਕਰਨਗੇ ਸਕੀਮ ਦਾ ਉਦਘਾਟਨ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਲਾਗੂ ਕਰਨ ਦੀ ਤਿਆਰੀ: ਜਿਆਣੀ

ਸਾਰੇ ਬੀ.ਪੀ.ਐਲ ਕਰਾਡ ਹੋਲਡਰ ਇਸ ਸਕੀਮ ਅਧੀਨ ਕਵਰ ਕੀਤੇ ਜਾਣਗੇ

ਲਾਭਪਾਤਰੀਆਂ ਦੀ ਰਜਿਸਟਰੇਸ਼ਨ 11 ਨਵੰਬਰ, 2013 ਤੋਂ

ਚੰਡੀਗੜ੍ਹ, 6 ਨਵੰਬਰ: ਪੰਜਾਬ ਸਰਕਾਰ ਨੇ ਸੂਬੇ ਵਿਚ ਭਗਤ ਪੂਰਨ ਸਿੰਘ ਬੀਮਾ ਯੋਜਨਾ ਲਾਗੂ ਕਰਨ ਲਈ ਤਿਆਰੀ ਕਰ ਲਈ ਹੈ। ਇਸ ਸਕੀਮ ਦੇ ਅਧੀਨ ਸਾਰੇ ਬੀ.ਪੀ.ਐਲ ਕਰਾਡ ਧਾਰਕਾਂ ਨੂੰ ਲਿਆਂਦਾ ਜਾ ਰਿਹਾ ਹੈ ਅਤੇ ਲਾਭਪਾਤਰੀਆਂ ਨੂੰ 30000 ਰੁਪਏ ਤੱਕ ਮੁਫਤ ਇਲਾਜ਼ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ 11 ਨਵੰਬਰ ਨੂੰ ਫਾਜਿਲਕਾ ਵਿਖੇ ਰਾਜ ਪੱਧਰੀ ਸਮਾਗਮ ਮੌਕੇ ਇਸ ਸਕੀਮ ਦਾ ਉਦਘਾਟਨ ਕਰਨਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਸਾਰੇ 22 ਜ਼ਿਲਿਆਂ ਵਿਚ ਇਹ ਸਕੀਮ ਲਾਗੂ ਕੀਤੀ ਜਾ ਰਹੀ ਹੈ। ਜਿਸ ਲਈ ਰਜਿਸਟਰੇਸ਼ਨ 11 ਨਵੰਬਰ ਤੋਂ ਸ਼ੁਰੂ ਹੋ ਜਾਵੇਗੀ।

ਸ੍ਰੀ ਜਿਆਣੀ ਨੇ ਦੱਸਿਆ ਕਿ ਇਸ ਸਕੀਮ ਅਧੀਨ ਇੱਕ ਪਰਿਵਾਰ ਦੇ ਪੰਜ ਮੈਂਬਰ ਇਨਰੋਲ ਕੀਤੇ ਜਾਣਗੇ, ਜਿਸ ਵਿਚ ਪਰਿਵਾਰ ਦਾ ਮੁੱਖੀ, ਜੀਵਨ ਸਾਥੀ ਅਤੇ ਤਿੰਨ ਆਸ਼ਰਿਤ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਦਰਜ ਕਰਨ ਲਈ ਪਿੰਡ ਅਤੇ ਵਾਰਡ ਪੱਧਰ ਤੇ ਸੈਂਟਰ ਖੋਲੇ ਜਾਣਗੇ। ਜਿੱਥੇ ਰਜਿਸਟਰ ਹੋਣ ਵਾਲਿਆਂ ਦੀਆਂ ਫੋਟੋਆਂ ਅਤੇ ਫਿੰਗਰਪ੍ਰਿੰਟ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਮੌਕੇ ਤੇ ਹੀ ਲਾਭਪਤਰੀਆਂ ਨੂੰ ਸਮਾਰਟ ਕਰਾਡ ਜਾਰੀ ਕਰ ਦਿੱਤੇ ਜਾਣਗੇ।

ਅੱਜ ਇੱਥੇ ਜ਼ਿਲ੍ਹਾ ਅਫਸਰਾਂ ਨੂੰ ਇਸ ਸਕੀਮ ਸਬੰਧੀ ਜਾਣਕਾਰੀ ਦੇਣ ਲਈ ਅਯੋਜਿਤ ਵਰਕਸ਼ਾਪ ਮੌਕੇ ਪ੍ਰਧਾਨਗੀ ਕਰਦਿਆਂ ਸ੍ਰੀ ਹੁਸਨ ਲਾਲ ਐਮ.ਡੀ ਪੰਜਾਬ ਸਿਹਤ ਕਾਰਪੋਰੇਸ਼ਨ ਨੇ ਦੱਸਿਆ ਕਿ ਇਸ ਸਕੀਮ ਅਧੀਨ 30000 ਤੱਕ ਦੇ ਇਲਾਜ਼ ਦਾ ਲਾਭ ਪਰਿਵਾਰ ਦਾ ਇੱਕੋ ਮੈਂਬਰ ਜਾ ਸਾਂਝੇ ਤੌਰ ਤੇ ਸਾਰੇ ਮੈਂਬਰ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੀ ਸੁਵਿਧਾ ਲਈ ਸਰਕਾਰੀ ਹਸਪਤਾਲ ਅਤੇ ਨਿੱਜੀ ਹਸਪਤਾਲ ਸੂਚੀਬੱਧ ਕੀਤੇ ਗਏ ਹਨ। ਜਿੱਥੇ ਸਮਾਰਟ ਕਾਰਡ ਦਿਖਾ ਕੇ ਲਾਭਪਾਤਰੀਆਂ ਨੂੰ ਇਹ ਸਹੂਲਤ ਮਿਲ ਸਕੇਗੀ।

No comments:

Post a Comment